'ਅਪਾਹਜ' ਉਸ ਵਿਅਕਤੀ ਨੂੰ ਕਹਿੰਦੇ ਹਨ, ਜਿਹੜਾ ਸਮਾਜਿਕ ਪੱਖੋਂ ਅੰਗਹੀਣ ਜਾਂ ਨੇਤਰਹੀਣ ਹੋਵੇ। ਵਿਅਕਤੀ ਦੀ ਇਹ ਸਥਿਤੀ ਜਮਾਂਦਰੂ ਵੀ ਹੋ ਸਕਦੀ ਹੈ। ਪਿੱਛੋਂ ਕਿਸੇ ਬਿਮਾਰੀ (ਪੋਲੀਓ, ਅਧਰੰਗ, ਟਾਈਫਾਈਡ ਆਦਿ) ਜਾਂ ਦੁਰਘਟਨਾਂ ਕਾਰਨ ਵੀ। ਭਾਵੇਂ ਅੱਜ-ਕਲ੍ਹ ਗਿਆਨ-ਵਿਗਿਆਨ ਵਲੋਂ ਦਿੱਤੀ ਗਈ ਰੌਸ਼ਨੀ ਵਿਚ ਅਪਾਹਜ ਹੋਣ ਦੇ ਕਾਰਨਾਂ 'ਤੇ ਵੀ ਕਾਬੂ ਪਾਇਆ ਜਾ ਸਕਦਾ ਹੈ, ਪਰ ਇਹ ਗੱਲ ਸਪੱਸ਼ਟ ਹੈ ਕਿ ਕੋਈ ਵਿਅਕਤੀ ਜਾਣ-ਬੱਝ ਕੇ ਅਪਾਹਂਜ ਨਹੀਂ ਬਣਦਾ। ਇਹ ਉਸ ਦੇ ਵੱਸ ਤੋਂ ਬਾਹਰ ਪੈਦਾ ਹੋਈ ਸਥਿਤੀ ਹੁੰਦੀ ਹੈ। ਅਪਾਹਜ ਆਪਣੀ ਇਸ ਸਥਿਤੀ ਨੂੰ ਕਿਵੇਂ ਲੈਂਦਾ ਹੈ ਅਤੇ ਸਮਾਜ ਦਾ ਉਸ ਸੰਬੰਧੀ ਕੀ ਵਤੀਰਾ ਹੈ। ਇਹ ਦੋਵੇਂ ਗੱਲਾਂ ਅਪਾਹਜ ਦੀ ਮਾਨਸਿਕ ਸਥਿਤੀ ਤੇ ਕਾਫੀ ਅਸਰ ਪਾਉਂਦੀਆਂ ਹਨ। ਆਮ ਵੇਖਣ ਵਿਚ ਆਇਆ ਹੈ ਕਿ ਬਹੁਤ ਹੀ ਘੱਟ ਲੋਕ ਪੂਰੀ ਤਰ੍ਹਾਂ ਅਪਾਹਜ ਹੁੰਦੇ ਹਨ। ਬਹੁਤ ਸਾਰੇ ਅਪਾਹਜ ਅਜਿਹੇ ਵੀ ਹਨ, ਜਿਹੜੇ ਹੌਂਸਲੇ ਤੇ ਹਿੰਮਤ ਨਾਲ ਅਪਾਹਜ ਦੀ ਬੇਵਸੀ ਉੱਤੇ ਕਾਬੂ ਪਾ ਸਕਦੇ ਹਨ। ਜੇ ਸਮਾਜ ਅਪਾਹਜ ਨੂੰ ਨਫਰਤ , ਤਰਸ ਜਾਂ ਬੇਰੁਖੀ ਨਾਲ ਵੇਖਦਾ ਹੈ, ਤਾਂ ਅਪਾਹਜ ਦੀ ਜਿੰਦਗੀ ਵਧੇਰੇ ਦੁੱਖਦਾਈ ਬਣ ਜਾਂਦੀ ਹੈ। ਇਸ ਤੋਂ ਬਿਨਾਂ ਵਿਅਕਤੀ ਨੂੰ ਦੁਸਰਿਆਂ ਉੱਪਰ ਆਪਣੀ ਨਿਰਭਰਤਾ ਘਟਾਉਣ ਵਿਚ ਵੀ ਕੋਈ ਉਤਸ਼ਾਹ ਨਹੀਂ ਮਿਲਦਾ। ਜੇ ਸਮਾਜ ਅਪਾਹਂਜ ਵਿਅਕਤੀ ਦੀਆਂ ਮੁਸ਼ਕਿਲਾਂ ਨੂੰ ਸਮਝ ਕੇ ਉਸ ਪ੍ਰਤੀ ਪਿਆਰ ਤੇ ਹਮਦਰਦੀ ਵਾਲਾ ਵਤੀਰਾ ਅਪਣਾਵੇ ਅਤੇ ਉਸ ਨੂੰ ਹੀਣਤਾ ਦਾ ਸ਼ਿਕਾਰ ਹੋਣ ਤੋਂ ਬਚਾਈ ਰੱਖੇ, ਤਾਂ ਉਹ (ਅਪਾਹਂਜ) ਕਿਸੇ ਹੋਰ ਆਮ ਮਨੁੱਖ ਨਾਲੋਂ ਕਿਸੇ ਤਰਾਂ ਵੀ ਘੱਟ ਸਾਬਤ ਨਹੀਂ ਹੋਵੇਗਾ। ਅੱਜ ਦੇ ਯੁਗ ਵਿਚ ਨਵੀਨ ਖੋਜ਼ਾਂ ਸਦਕਾਂ ਅਪਾਹਜਾਂ ਦੇ ਲੱਤਾਂ-ਬਾਹਾਂ ਦੇ ਘਾਟੇ ਨੂੰ ਬਣਾਉਂਟੀ ਅੰਗਾਂ ਨਾਲ ਪੂਰਾ ਕੀਤਾ ਜਾ ਸਕਦਾ ਹੈ। ਕਈ ਨੇਤਰਹੀਣਾਂ ਨੂੰ ਵਿਕਸਿਤ ਡਾਕਟਰੀ ਸਹਾਇਤਾ ਨਾਲ ਨੇਤਰ ਦੇਣ ਦੀਆਂ ਸੰਭਾਵਨਾਵਾਂ ਵਧੀਆ ਹਨ। ਲਾਇਲਾਜ਼ ਅਪਾਹਾਜ਼ਾਂ ਦੀ ਸਥਿਤੀ ਵੀ ਬਹੁਤ ਨਿਰਾਸ਼ਾਜਨਕ ਨਹੀਂ ਰਹੀ। ਉਹਨਾਂ ਲਈ ਸਰਕਾਰੀ ਤੇ ਪ੍ਰਾਈਵੇਟ ਸੰਸਥਾਵਾਂ ਵਲੋਂ ਕਈ ਤਰ੍ਹਾਂ ਦੀਆਂ ਪੜ੍ਹਾਈਆਂ ਤੇ ਸਿਖਲਾਈਆਂ ਦੇ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਤੋਂ ਲਾਭ ਲੈ ਕੇ ਉਹ ਆਰਥਿਕ ਸਵੈ_ਨਿਰਭਰਤਾ ਪ੍ਰਾਪਤ ਕਰ ਸਕਦੇ ਹਨ। ਇਨ੍ਹਾਂ ਸਾਰੀਆਂ ਗੱਲਾਂ ਦੇ ਚੰਗੇ ਨਤੀਜੇ ਨਿਕਲ ਸਕਦੇ ਹਨ, ਜੇ ਸਾਰਾ ਸਮਾਜ ਅਪਾਹਜਾਂ ਨੂੰ ਵਿਸ਼ੇਸ਼ ਸਹੁਲਤਾਂ, ਆਪਣੀ ਜਿੰਮੇਵਾਰੀ ਸਮਝ ਕੇ ਦੇਵੇ। ਸਰਕਾਰ ਉਨ੍ਹਾਂ ਦੀ ਅਵਸਥਾ ਅਨੁਸਾਰ ਉਹਨਾਂ ਲਈ ਕੰਮਾਂ ਤੇ ਕਿੱਤਿਆਂ ਦਾ ਪ੍ਰਬੰਧ ਕਰੇ। ਤਦ ਅਪਾਹਜ ਵਿਅਕਤੀ ਆਤਮ-ਗਿਲਾਨੀ ਦਾ ਸ਼ਿਕਾਰ ਹੋਣ ਤੇ ਆਤਮ-ਘਾਤੀ ਵਹਿਣਾਂ ਵਿਚ ਵਹਿਣ ਨਾਲੋਂ ਪੂਰੇ ਸ੍ਵੈ-ਮਾਣ 'ਤੇ ਸ੍ਵੈ-ਵਿਸ਼ਵਾਸ, ਸ੍ਵੈ-ਨਿਰਭਰ ਹੋ ਕੇ ਇਕ ਕਿਰਿਆਸ਼ੀਲ ਦੇ ਕਮਾਊ ਨਾਗਰਿਕ ਦੇ ਤੌਰ 'ਤੇ ਜੀਵਨ ਗੁਜ਼ਾਰ ਸਕਦਾ ਹੈ।
0 Comments:
Post a Comment