Tuesday, 4 February 2014

ਮਿੱਤਰਤਾ

February 04, 2014 Posted by Knowledge Bite , , No comments

ਮਨੁੱਖ ਇਕ ਸਮਾਜਿਕ ਜੀਵ ਹੈ। ਉਹ ਇਕੱਲਾ ਨਹੀਂ ਰਹਿ ਸਕਦਾ। ਉਸ ਦਾ ਜੀਵਨ ਦੂਜਿਆਂ ਉੱਪਰ ਨਿਰਭਰ ਕਰਦਾ ਹੈ, ਇਸ ਕਰਕੇ ਉਹ ਜਿੰਦਗੀ ਵਿਚ ਕੁੱਝ ਸੱਜਣਾਂ ਮਿੱਤਰਾਂ ਦੀ ਲੋੜ ਅਨੁਭਵ ਕਰਦਾ ਹੈ, ਜਿਨ੍ਹਾਂ ਨਾਲ ਉਹ ਆਪਣੇ ਦੁੱਖ-ਸੁੱਖ ਵੰਡ ਸਕੇ। ਜਦੋਂ ਅਸੀਂ ਮਿੱਤਰ ਨਾਲ ਖੂਸ਼ੀ ਵੰਡਦੇ ਹਾਂ ਤਾਂ ਉਹ ਦੁਗਣੀ ਹੋ ਜਾਂਦੀ ਹੈ, ਪਰ ਜਦੋਂ ਦੁੱਖ ਨੂੰ ਵੰਡਦੇ ਹਾਂ, ਤਾਂ ਉਹ ਅੱਧਾ ਰਹਿ ਜਾਂਦਾ ਹੈ। ਬੇਕਨ ਦਾ ਕਥਨ ਹੈ ਕਿ ਆਦਮੀ ਇਹ ਕਹਿੰਦਾ ਹੈ ਕਿ ਉਹ ਇਕੱਲਾ ਰਹਿ ਕੇ ਹੀ ਖੂਸ਼ੀ ਅਨੁਭਵ ਕਰ ਸਕਦਾ ਹੈ, ਉਹ ਜਾਂ ਤਾਂ ਜੰਗਲੀ ਜਾਨਵਰ ਹੈ ਜਾਂ ਦੇਵਤਾ। ਅਸਲ ਵਿਚ ਸੱਚੇ ਮਿੱਤਰ ਦੀ ਅਣਹੋਂਦ ਵਿਚ ਆਦਮੀ ਭਰੇ ਮੇਲੇ ਵਿਚ ਵੀ ਇਕੱਲਾ ਮਹਿਸੂਸ ਕਰਦਾ ਹੈ, ਪਰ ਇਸ ਵਿਚ ਵੀ ਕੋਈ ਸੰਦੇਹ ਨਹੀਂ ਕਿ ਸੱਚੇ ਤੇ ਵਫਦਾਰ ਮਿੱਤਰ ਬਹੁਤ ਘੱਟ ਹੁੰਦੇ ਹਨ। ਸੱਚੀ ਮਿੱਤਰਤਾ ਵਿਚ ਦੋ ਰੂਹਾਂ ਦਾ ਪੂਰਾ ਗੰਢ-ਚਿਤਰਾਵਾ ਹੁੰਦਾ ਹੈ। ਸੱਚੇ ਮਿੱਤਰਾਂ ਵਿਚਕਾਰ ਕੋਈ ਲੁਕਾ-ਛਿਪਾ, ਭਰਮ-ਭੁਲੇਖਾ ਜਾਂ ਅਵਿਸ਼ਵਾਸ਼ ਨਹੀਂ ਹੁੰਦਾ। ਜਦ ਦੋ ਰਲਦੇ-ਮਿਲਦੇ ਵਿਚਾਰਾਂ, ਸੁਭਾਵਾਂ ਤੇ ਰੁਚੀਆਂ ਤੇ ਵਿਅਕਤੀ ਮਿਲਦੇ ਹਨ, ਤਾਂ ਉਹਨਾਂ ਵਿਚ ਮਿੱਤਰਤਾ ਦੀ ਗੰਢ ਪੈ ਜਾਂਦੀ ਹੈ। ਅਮੀਰੀ, ਗਰੀਬੀ ਤੇ ਸਮਾਜਿਕ ਪੱਧਰ ਸੱਚੇ ਮਿੱਤਰ ਦੀ ਮਿੱਤਰਤਾ ਨੂੰ ਤੋੜ ਨਹੀਂ ਸਕਦੇ। ਉਹਨਾਂ ਦੀ ਸਥਿਤੀ ਕ੍ਰਿਸ਼ਨ-ਸੁਦਾਮੇ ਦੀ ਦੋਸਤੀ ਵਰਗੀ ਹੁੰਦੀ ਹੈ। ਮਿੱਤਰਤਾ ਦਾ ਆਧਾਰ ਸਵਾਰਥ ਨਹੀਂ ਹੁੰਦਾ, ਸਗੋਂ ਦੁੱਖ-ਸੁੱਖ, ਵਿਚਾਰਾਂ ਤੇ ਭਾਵਾਂ ਦੀ ਸਾਂਝ ਹੁੰਦੀ ਹੈ। ਮਿੱਤਰਤਾ ਸਾਡੇ ਦੁੱਖ ਨੂੰ ਘਟਾਉਣ, ਸਾਰੀਆਂ ਉਲਝਣਾਂ, ਭੁਲੇਖਿਆਂ, ਵਿਚਾਰਾਂ ਦੀ ਅਸਥਿਰਤਾ ਨੂੰ ਦੂਰ ਕਰਨ, ਕਈ ਪ੍ਰਕਾਰ ਦੇ ਸਮਾਝਿਕ ਕੰਮਾਂ-ਕਾਰਾਂ ਤੇ ਯੋਜਨਾਵਾਂ ਨੂੰ ਨੇਪਰੇ ਚੜ੍ਹਾਉਣ ਵਿਚ ਸਹਾਇਕ ਸਿੱਧ ਹੁੰਦੀ ਹੈ। ਇਸ ਪ੍ਰਕਾਰ ਸੱਚਾ ਮਿੱਤਰ ਸਦੀਵੀ ਪ੍ਰਸੰਨਤਾ ਤੇ ਪ੍ਰੇਰਨਾ ਦਾ ਸੋਮਾ ਹੁੰਦਾ ਹੈ, ਪਰ ਅਜਿਹਾ ਮਿੱਤਰ ਮਿਲਦਾ ਬਹੁਤ ਔਖਾ ਹੈ, ਇਸੇ ਕਰਕੇ ਫਰੀਦ ਜੀ ਨੇ ਕਿਹਾ ਹੈ.
ਫਰੀਦਾ ਗਲੀਂ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹੀ।
ਧੁਖਾਂ ਜਿਉਂ ਮਾਲੀਂਹ ਕਾਰਣ ਤਿੰਨਾ ਮਾ ਪਿਰੀ।

0 Comments:

Post a Comment