Thursday 6 February 2014

ਆਸ

February 06, 2014 Posted by Knowledge Bite , No comments
'ਜੀਵੇ ਆਸਾ, ਮਰੇ ਨਿਰਾਸਾ' ਦੀ ਕਹਾਵਤ ਤੋਂ ਪਤਾ ਚਲਦਾ ਹੈ ਕਿ ਜੀਵਨ ਆਸ ਦੇ ਸਹਾਰੇ ਹੀ ਚਲਦਾ ਹੈ। ਆਸ ਦਾ ਅਰਥ ਹੈ-'ਭਵਿਖ ਲਈ ਆਸ਼ਾਵਾਦੀ ਰਹਿਣਾ' ਭਵਿੱਖ ਵਿਚ ਜੋ ਸਮਾਂ ਆਉਣਾ ਹੈ, ਉਸ ਨੂੰ ਸਫਲਤਾ, ਖੁਸ਼ਹਾਲੀ ਤੇ ਉੱਨਤੀ ਦਾ ਚਿੰਨ੍ਹ ਸਵੀਕਾਰ ਕਰਨਾ ਹੀ ਆਸ ਹੈ। ਇਸ ਮਨੁੱਖ ਨੂੰ ਕਿਰਿਆਸ਼ੀਲ ਤੇ ਚੜ੍ਹਦੀ ਕਲਾ ਵਿਚ ਰੱਖਦੀ ਹੈ। ਅਸਲ ਵਿਚ ਇਹ ਜਿਉਂਦੇ ਹੋਣ ਦੀ ਨਿਗਰਾਨੀ ਹੈ। ਕਿਹਾ ਜਾਂਦਾ ਹੈ 'ਜਦ ਤਕ ਆਸ ਤਦ ਤਕ ਆਸ।' ਜਿਊਂਦਾ ਮਨੁੱਖ ਹਮੇਸ਼ਾ ਆਪਣੇ ਭਵਿੱਖ ਸੰਬੰਧੀ ਆਸ਼ਾਵਾਦੀ ਰਹਿੱਦਾ ਹੈ ਤੇ ਇਹ ਵੀ ਉਸ ਦੇ ਜੀਵਨ ਵਿਚ ਖੇੜਾ ਤੇ ਚਾਅ ਪੈਦਾ ਕਰਦੀ ਹੈ। ਆਸ ਨੂੰ ਛੱਡ ਕੇ ਨਿਰਾਸ਼ਤਾ ਦਾ ਪੱਲਾ ਫੜਨ ਵਾਲਾ ਮਨੁੱਖ ਗਿਰਾਵਟ ਤੇ ਆਤਮਘਾਤ ਦੇ ਰਾਹ ਤੁਰਦਾ ਹੈ। ਇਹ ਜੀਵਨ ਤੋਂ ਭਾਂਜਵਾਦੀ ਬਣ ਜਾਣ ਤੇ ਬੁਜ਼ਦਿਲੀ ਦੀ ਨਿਸ਼ਾਨੀ ਹੈ। ਅਜਿਹਾ ਮਨੁੱਖ ਨਾਂ ਆਪਣਾ ਕੁੱਝ ਸੁਆਰਦਾ ਹੈ ਨਾ ਹੀ ਸਮਾਜ ਦਾ। ਮਨੁੱਖੀ ਸਮਾਜ ਤੇ ਸਭਿਆਚਾਰ ਦੀ ਉਸਾਰੀ ਆਪਣੀ ਧੁਨ ਵਿਚ ਪੱਕੇ ਰਹਿ ਕੇ ਕੰਮ ਕਰਨ ਤੇ ਸਫਲਤਾ ਵਿਚ ਦ੍ਰਿੜ੍ਹ ਵਿਸ਼ਵਾਸ ਰੱਖਣ ਵਾਲੇ ਮਨੱਖਾਂ ਨੇ ਹੀ ਕੀਤੀ ਹੈ। ਆਸ਼ਾਵਾਦੀ ਹਿੰਮਤੀ ਤੇ ਉਤਸ਼ਹੀ ਹੁੰਦਾ ਹੈ। ਫਿਰ ਉਹ ਕੀ ਨਹੀਂ ਕਰ ਸਕਦਾ। ਧਨੀ ਰਾਮ ਚਾਤ੍ਰਿਕ ਦੇ ਸ਼ਬਦਾਂ ਵਿਚ 'ਹਿੰਮਤ ਕਰੇ ਮਨੁੱਖ ਜੇ, ਜਾ ਛੋਹੇ ਅਸਮਾਨ' ਅਜਿਹੇ ਮਨੁੱਖ ਹਮੇਸ਼ਾ ਕਿਰਿਆਸ਼ੀਲ ਰਹਿੰਦੇ ਹਨ ਤੇ ਦਿਨ ਰਾਤ ਇਕ ਕਰਕੇ ਆਪਣੇ ਉਦੇਸ਼ਾ ਵੱਲ ਵੱਧਦੇ ਹਨ। ਅਜਿਹੇ ਲੋਕ ਕਰਮ ਯੋਗੀ ਹੁੰਦੇ ਹਨ ਤੇ ਜੀਵਨ ਦੀਆਂ ਔਕੜਾਂ ਤੋਂ ਨਹੀਂ ਘਬਰਾਉਂਦੇ। ਉਹ ਅਸਫਲਤਾ ਦੀ ਮਾਰ ਖਾ ਕੇ ਨਿਰਾਸ਼ ਹੋਏ ਅਤੇ ਕਿਸਮਤ ਨੂੰ ਕੋਸਦੇ ਵਿਅਕਤੀਆਂ ਨੂੰ ਉਤਸ਼ਾਹ ਤੇ ਹੌਂਸਲਾ ਦਿੰਦੇ ਹਨ ਤੇ ਆਸ ਦੀ ਕੰਨੀ ਫੜਾ ਕੇ ਮੁਸ਼ਕਿਲਾਂ ਦੇ ਨਾਲ ਜੂਝਣ ਲਾ ਦਿੰਦੇ ਹਨ। ਫਲਸਰੂਪ ਉਹ ਹਿੰਮਤ ਤੇ ਮਿਹਨਤ ਕਰਦਿਆਂ ਆਸ ਦਾ ਲੜ ਫੜ ਕੇ ਅਸਫਲਤਾਵਾਂ ਦਾ ਮੂੰਹ ਮੋੜ ਕੇ ਸਫਲਤਾ ਦੇ ਫੁੱਲਾਂ ਦੀ ਟੋਕਰੀ ਆਪਣੀ ਝੋਲੀ ਪਾਉਂਦੇ ਹਨ। ਇਸ ਤਰਾਂ ਆਸ ਜੀਵਨ ਨੂੰ ਖ਼ਸ਼ੀ ਤੇ ਆਨੰਦ ਨਾਲ ਭਰਪੂਰ ਕਰਦੀ ਹੈ। ਆਸ ਦੇ ਖ਼ਤਮ ਹੋਣ ਦਾ ਮਤਲਬ ਜੀਵਨ ਦਾ ਅੰਤ ਹੈ, ਮੌਤ ਹੈ। ਇਸ ਕਰਕੇ ਮਨੁੱਖ ਨੂੰ ਕਦੇ ਵੀ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ, ਸਗੋਂ ਆਸਵੰਦ ਰਹਿਣਾ ਚਾਹੀਦਾ ਹੈ। ਇਸ ਵਿਚ ਹੀ ਜੀਵਨ ਦੇ ਵਿਕਾਸ ਦਾ ਡੂੰਘਾ ਭੇਤ ਛਿਪਿਆ ਹੇ।

0 Comments:

Post a Comment